ਲਰੀ
ਜੱਸੀ ਸਿੱਧੂ ਕਤਲ ਕਾਂਡ: ਕੈਨੇਡਾ ’ਚ ਮਾਂ ਤੇ ਮਾਮਾ ਗ੍ਰਿਫ਼ਤਾਰ
Posted On January - 8 - 2012
ਮੋਹਿਤ ਖੰਨਾ/ਟ੍ਰਿਬਿਊਨ ਨਿਊਜ਼ ਸਰਵਿਸ
ਕਾਉਂਕੇ ਕਲਾਂ (ਜਗਰਾਉਂ), 7 ਜਨਵਰੀ
ਸਾਢੇ ਗਿਆਰਾਂ ਸਾਲਾ ਪਹਿਲਾਂ ਪਰਿਵਾਰ ਦੀ ਇੱਜ਼ਤ ਖਾਤਰ ਜੱਸੀ ਸਿੱਧੂ ਨੂੰ ਮਰਵਾਉਣ ਵਾਲੀ ਉਸ ਦੀ ਮਾਂ ਮਲਕੀਤ ਕੌਰ ਤੇ ਮਾਮੇ ਸੁਰਜੀਤ ਸਿੰਘ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿਚਲੇ ਮੈਪਲ ਰਿਜ ਇਲਾਕੇ ਵਿਚੋਂ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ। ਭੈਣ-ਭਰਾ ਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਭਾਰਤ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਜੱਸੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਜਿਸ ਨੂੰ ਭਾੜੇ ਦੇ ਕਾਤਲ ਮਰਿਆ ਸਮਝ ਕੇ ਛੱਡ ਗਏ ਸਨ, ਨੇ ਕਿਹਾ ਹੈ ਕਿ ਉਸ ਨੂੰ ਕੁਝ ਹੱਦ ਤਕ ਇਨਸਾਫ ਮਿਲਣ ਦੀ ਆਸ ਬੱਝੀ ਹੈ। ਇਸ ਕਤਲ ਕਾਂਡ ਵਿਚ ਜ਼ਮਾਨਤ ਲੈ ਕੇ ਜੱਸੀ ਦਾ ਇਕ ਹੋਰ ਮਾਮਾ ਤੇ ਸਹਿ ਦੋਸ਼ੀ ਦਰਸ਼ਨ ਸਿੰਘ ਫਰਾਰ ਹੋ ਗਿਆ ਸੀ ਤੇ ਉਹ ਕੈਨੇਡਾ ਵਿਚ ਕਿਧਰੇ ਲੁਕਿਆ ਹੋਇਆ ਹੈ।
ਇਧਰ ਪੰਜਾਬ ਪੁਲੀਸ ਨੇ ਦਰਸ਼ਨ ਸਿੰਘ ਦੇ ‘ਗਾਇਬ’ ਹੋਣ ਦੇ ਸੱਚ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੀ ਪੁਲੀਸ ਅਨੁਸਾਰ ਉਹ ਮਲਕੀਤ ਕੌਰ ਤੇ ਗੁਰਜੀਤ ਸਿੰਘ ਤੋਂ ਪੁੱਛ-ਪੜਤਾਲ ਕਰ ਰਹੀ ਹੈ ਤੇ ਦੋਵਾਂ ਨੂੰ ਛੇਤੀ ਹੀ ਭਾਰਤ ਭੇਜ ਦਿੱਤਾ ਜਾਵੇਗਾ। ਇਸ ਕਤਲ ਕਾਂਡ ਵਿਚ ਦਸ ਕਾਤਲਾਂ ਵਿਚੋਂ ਸਿਰਫ ਤਿੰਨ ਸਬ ਇੰਸਪੈਕਟਰ ਜੋਗਿੰਦਰ ਸਿੰਘ, ਅਨਿਲ ਕੁਮਾਰ ਤੇ ਅਸ਼ਵਨੀ ਕੁਮਾਰ ਹੀ ਜੇਲ੍ਹ ਵਿਚ ਹਨ।
ਜੱਸੀ ਦੇ ਪਤੀ ਮਿੱਠੂ ਮੁਤਾਬਕ, ‘‘ਮੇਰੇ ਮਨ ਨੂੰ ਅੱਜ ਇਹ ਖ਼ਬਰ ਸੁਣ ਕੇ ਕੁਝ ਠੰਢ ਪਈ ਹੈ ਕਿ ਮੇਰੀ ਜੀਵਨ ਸਾਥਣ ਦੇ ਕਾਤਲਾਂ ਨੂੰ ਫੜ ਲਿਆ ਗਿਆ ਹੈ। ਮੈਂ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਦੋਂ ਜੱਸੀ ਦੀ ਮਾਂ ਤੇ ਮਾਮੇ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਪਤਾ ਨਹੀਂ ਮੈਂ ਉਨ੍ਹਾਂ ਨੂੰ ਦੇਖ ਸਕਾਂਗਾ ਜਾਂ ਨਹੀਂ। ਮੇਰੀ ਹਮੇਸ਼ਾ ਇਹੀ ਇੱਛਾ ਰਹੀ ਹੈ ਕਿ ਜੱਸੀ ਨੂੰ ਕਤਲ ਕਰਾਉਣ ਦਾ ਫਰਮਾਨ ਦੇਣ ਵਾਲੀ ਉਸ ਦੀ ਮਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜਿਸ ਨੂੰ ਦੁਨੀਆਂ ਦੇਖੇ। ਜੱਸੀ ਮੇਰੀ ਦੁਨੀਆਂ ਸੀ ਤੇ ਉਸ ਦੇ ਘਰਦਿਆਂ ਨੇ ਉਨ੍ਹਾਂ ਨੂੰ ਉਜਾੜ ਦਿੱਤਾ। ਹੁਣ ਮੈਂ ਸਿਰਫ ਜੱਸੀ ਦੀਆਂ ਯਾਦਾਂ ਸਹਾਰੇ ਜੀਅ ਰਿਹਾ ਹਾਂ।’’
ਕੈਨੇਡਾ ਪੁਲੀਸ ਨੇ ਜੱਸੀ ਦੀ ਮਾਂ ਤੇ ਮਾਮੇ ਨੂੰ ਗ੍ਰਿਫਤਾਰ ਕਰਨ ਮਗਰੋਂ ਜਾਰੀ ਕੀਤੇ ਬਿਆਨ ’ਚ ਕਿਹਾ, ‘‘ਭਾਰਤੀ ਪੁਲੀਸ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਜੱਸੀ ਸਿੱਧੂ ਦੇ ਕਤਲ ਪਿੱਛੇ ਉਸ ਦਾ ਪਰਿਵਾਰ ਹੈ। ਭਾਰਤ ਤੋਂ ਬੇਨਤੀ ਆਉਣ ਮਗਰੋਂ ਅਸੀਂ ਇੱਥੇ ਆਪਣੀ ਜਾਂਚ ਕੀਤੀ। 5 ਜਨਵਰੀ, 2012 ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਹਵਾਲਗੀ ਕਾਨੂੰਨ ਤਹਿਤ ਜੱਸੀ ਸਿੱਧੂ ਦੀ 63 ਸਾਲਾ ਮਾਂ ਮਲਕੀਤ ਕੌਰ ਸਿੱਧੂ ਤੇ 67 ਸਾਲਾ ਮਾਮੇ ਸੁਰਜੀਤ ਸਿੰਘ ਬਦੇਸ਼ਾ ਦੇ ਗ੍ਰਿਫਤਾਰੀ ਵਾਰੰਟ ਕੱਢੇ। ਦੋਵਾਂ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਇਸ ਵੇਲੇ ਸਾਡੀ ਹਿਰਾਸਤ ਵਿਚ ਹਨ। ਅਸੀਂ ਉਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੇ ਹਾਂ।’’ ਵਰਨਣਯੋਗ ਹੈ ਕਿ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰਾਉਣ ਵਿਚ ਪੁਸਤਕ ‘ਜਸਟਿਸ ਫਾਰ ਜੱਸੀ’ ਦੀ ਵੀ ਅਹਿਮ ਭੂਮਿਕਾ ਹੈ, ਜਿਹੜੀ ਕੈਨੇਡਾ ਦੇ ਪੱਤਰਕਾਰਾਂ ਫੈਬੀਅਨ ਡਾਓਸਨ ਤੇ ਹਰਬਿੰਦਰ ਸਿੰਘ ਸੇਵਕ ਤੇ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਲਿਖੀ ਹੈ। ਇਹ ਪੁਸਤਕ ਕੈਨੇਡਾ ਵਿਚ ਈ-ਬੁੱਕ ਦੇ ਰੂਪ ਵਿਚ ਹਫਤਾ ਪਹਿਲਾਂ ਹੀ ਰਿਲੀਜ਼ ਕੀਤੀ ਗਈ ਸੀ। ਇਸ ਪੁਸਤਕ ਦੇ ਆਧਾਰ ’ਤੇ ਕੈਨੇਡਾ ਦੇ ਮਸ਼ਹੂਰ ਟੀ.ਵੀ. ਚੈਨਲ ਸੀ.ਬੀ.ਸੀ. ਨੇ ਅੱਧੇ ਘੰਟੇ ਦਾ ਸ਼ੋਅ ਵੀ ਦਿਖਾਇਆ, ਜਿਸ ਵਿਚ ਦਿਖਾਇਆ ਗਿਆ ਕਿ ਜਸਵਿੰਦਰ ਕੌਰ ਜੱਸੀ ਤੇ ਮਿੱਠੂ ਨਾਲ ਕੀ ਕੀ ਹੋਇਆ।
No comments:
Post a Comment